ਸਿਹਤ ਵਿਭਾਗ ਫਾਜਿਲਕਾ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਵਿਸ਼ਵ ਦਿਲ ਦਿਵਸ ਦੇ ਸਬੰਧ ਵਿੱਚ ਕੀਤਾ ਜਾਗਰੂਕਤਾ ਸਮਾਗਮ।
ਦਿਲ ਸਾਡੇ ਸਰੀਰ ਦਾ ਅਹਿਮ ਅੰਗ ਹੈ, ਇਸ ਲਈ ਇਸ ਨੂੰ ਸਿਹਤਮੰਦ ਰੱਖਣਾ ਜਰੂਰੀ ਹੈ: ਡਾ. ਕਵਿਤਾ ਸਿੰਘ ਸਿਵਲ ਸਰਜਨ।
ਫਾਜ਼ਿਲਕਾ 29 ਸਿਤੰਬਰ(ਸੋਨੂੰ ਵਰਮਾ): ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਕਵਿਤਾ ਸਿੰਘ ਸਿਵਲ ਸਰਜਨ ਦੇ ਹੁਕਮਾਂ ਅਤੇ ਡਾਕਟਰ ਏਡੀਸਨ ਐਰਿਕ ਦੀ ਦੇਖਰੇਖ ਵਿੱਚ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਵਿਸ਼ਵ ਦਿਲ ਦਿਵਸ ਦੇ ਸਬੰਧ ਵਿੱਚ "ਇੱਕ ਵੀ ਧੜਕਣ ਨੂੰ ਮਿਸ ਨਾ ਕਰੋ" ਥੀਮ ਹੇਠ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮੇਂ ਡਾ ਅਰਪਿਤ ਗੁਪਤਾ, ਡਾ ਅਭਿਨਵ ਸਚਦੇਵਾ, ਡਾ ਸੋਨਾਲਿਕਾ ਸ਼ਰਮਾ, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫਸਰ, ਮਨਬੀਰ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਅਤੇ ਅਮਨ ਕੰਬੋਜ਼ ਬਲਾਕ ਐਕਸਟੈਂਸ਼ਨ ਐਜੂਕੇਟਰ, ਸੁਖਦੇਵ ਸਿੰਘ ਜਿਲ੍ਹਾ ਬੀਸੀਸੀ, ਸੁਖਜਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਫੈਸਲਿਟੀ ਮੈਨੇਜਰ ਨੇ ਸਮੂਲੀਅਤ ਕੀਤੀ। ਅੱਜ ਡਾ ਕਵਿਤਾ ਸਿੰਘ ਵੱਲੋਂ ਦਿਲ ਦਿਵਸ ਦੇ ਸਬੰਧ ਵਿੱਚ ਜਾਗਰੂਕਤਾ ਪ੍ਰਿੰਟਿੰਗ ਮੈਟੀਰੀਅਲ ਦਫਤਰ ਸਿਵਲ ਸਰਜਨ ਵਿਖੇ ਰਲੀਜ਼ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਡਾ. ਅਰਪਿਤ ਗੁਪਤਾ ਅਤੇ ਡਾ. ਅਭਿਨਵ ਸੱਚਦੇਵਾ ਨੇ ਦੱਸਿਆ ਕਿ ਹਰੇਕ ਸਾਲ 29 ਸਤੰਬਰ ਨੂੰ ਵਿਸ਼ਵ ਦਿਲ ਦਿਵਸ ਮਨਾਉਣ ਦਾ ਮਹੱਤਵ ਸਿਹਤ ਸਟਾਫ਼ ਵੱਲੋਂ ਲੋਕਾਂ ਨੂੰ ਦਿਲ ਦੀ ਬਿਮਾਰੀਆਂ ਬਾਰੇ ਅਤੇ ਇਨ੍ਹਾਂ ਤੋਂ ਕਿਵੇ ਬਚਿਆ ਜਾ ਸਕਦਾ ਹੈ, ਸਬੰਧੀ ਜਾਗਰੂਕ ਕਰਨਾ ਹੈ। ਉਹਨਾਂ ਕਿਹਾ ਕਿ ਦਿਲ ਸਾਡੇ ਸਰੀਰ ਦਾ ਅਹਿਮ ਅੰਗ ਹੈ, ਇਸ ਲਈ ਇਸ ਨੂੰ ਸਿਹਤਮੰਦ ਰੱਖਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਹਰ ਰੋਜ਼ ਸੈਰ ਕਰਨ ਦੇ ਨਾਲ ਨਾਲ ਵਿਗੜ ਰਹੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਵੀ ਬਦਲਣਾ ਹੋਵੇਗਾ। ਉਹਨਾਂ ਦੱਸਿਆ ਕਿ ਵੱਧ ਚਿਕਨਾਈ ਵਾਲਾ ਭੋਜਨ ਖਾਣ ਨਾਲ, ਸਿਗਰਟਨੋਸ਼ੀ, ਹਾਈ ਬਲੱਡ ਪ੍ਰੈਸ਼ਰ, ਪ੍ਰਦੂਸ਼ਿਤ ਵਾਤਾਵਰਣ, ਖਾਣ ਪੀਣ ਦੀਆਂ ਗਲਤ ਆਦਤਾਂ, ਫਾਸਟ ਫੂਡ, ਦਿਮਾਗੀ ਪ੍ਰੇਸ਼ਾਨੀ ਅਤੇ ਮੋਟਾਪੇ ਕਾਰਨ ਦਿਲ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਸਾਨੂੰ ਇਨ੍ਹਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਛਾਤੀ ਵਿੱਚ ਦਰਦ, ਜਬੜੇ, ਧੌਣ ਜਾਂ ਪਿੱਠ ਵਿੱਚ ਅਚਾਨਕ ਦਰਦ, ਬੇਚੈਨੀ ਨਾਲ ਪਸੀਨਾ ਆਉਣਾ ਜਾਂ ਅਚਾਨਕ ਸਾਹ ਲੈਣ ਵਿੱਚ ਤਕਲੀਫ ਹੋਣਾ, ਇਹ ਲੱਛਣ ਹੋਣ ਤੇ ਤੁਰੰਤ ਬਿਨ੍ਹਾਂ ਕਿਸੇ ਦੇਰੀ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਹਾਰਟ ਅਟੈਕ ਲੱਛਣਾਂ ਤੇ ਮਾਹਿਰ ਡਾਕਟਰ ਦੀ ਸਲਾਹ ਲੈਣ ਵਿੱਚ ਦੇਰੀ ਕਰਨਾ ਜਾਨਲੇਵਾ ਸਾਬਿਤ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਸਾਨੂੰ 30 ਸਾਲ ਦੀ ਉਮਰ ਤੋਂ ਬਾਅਦ ਰੂਟੀਨ ਵਿੱਚ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਸ਼ੂਗਰ ਅਤੇ ਦਿਲ ਸਬੰਧੀ ਹੋਰ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜੇਕਰ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਦਿਲ ਦੀ ਕੋਈ ਹੋਰ ਬਿਮਾਰੀ ਹੋ ਜਾਵੇ ਤਾਂ ਮਾਹਿਰ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਨਾਲ ਕੰਟਰੋਲ ਕਰਨਾ ਚਾਹੀਦਾ ਹੈ। ਵਿਨੋਦ ਖੁਰਾਣਾ ਮਨਬੀਰ ਸਿੰਘ ਅਤੇ ਦਿਵੇਸ਼ ਨੇ ਕਿਹਾ ਕਿ ਦਿਲ ਨੂੰ ਤੰਦਰੁਸਤ ਰੱਖਣ ਲਈ ਖਾਣ ਪੀਣ ਦੀਆਂ ਗਲਤ ਆਦਤਾਂ ਤਿਆਗ ਕੇ ਸੰਤੁਲਿਤ ਭੋਜਨ ਖਾਣਾ, ਹਰ ਰੋਜ ਅੱਧਾ ਘੰਟਾ ਸੈਰ ਕਰਨੀ, ਭਾਰ ਨੂੰ ਕੰਟਰੋਲ ਵਿੱਚ ਰੱਖਣਾ, ਤੰਬਾਕੂਨੋਸ਼ੀ ਅਤੇ ਸ਼ਰਾਬ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਮੈਡੀਟੇਸ਼ਨ ਅਤੇ ਯੋਗਾ ਕਰੋ, ਲਿਫ਼ਟ ਦੀ ਵਰਤੋਂ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ, ਰੋਜਾਨਾ ਦੇ ਕੰਮ ਕਾਰ ਤੋਂ ਬਾਅਦ ਬੱਚਿਆਂ ਨਾਲ ਖੇਡੋ, ਆਪਣੀ ਗੱਡੀ ਪਾਰਕਿੰਗ ਵਿੱਚ ਲਗਾ ਕੇ ਪੈਦਲ ਬਜ਼ਾਰ ਵਿੱਚ ਜਾਓ, ਰੋਜਾਨਾ ਕਸਰਤ ਕਰੋ, ਚਾਹ ਅਤੇ ਕੌਫੀ ਦੀ ਵਰਤੋਂ ਘੱਟ ਕਰੋ, ਸਰਾਬ ਨਾ ਪੀਓ ਅਤੇ ਤੰਬਾਕੂ ਦੀ ਵਰਤੋਂ ਬਿਲਕੁਲ ਨਹੀ ਕਰਨੀ ਚਾਹੀਦੀ। ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਮ ਜਿੰਦਗੀ ਵਿੱਚ ਦਿਮਾਗੀ ਪ੍ਰੇਸ਼ਾਨੀਆਂ ਤੋਂ ਵੀ ਬਚਣਾ ਚਾਹੀਦਾ ਹੈ। ਮਾਸ ਮੀਡੀਆ ਵਿੰਗ ਨੇ ਅਪੀਲ ਕੀਤੀ ਕਿ ਇਹ ਸੁਨੇਹਾ ਆਪਣੇ ਪਰਿਵਾਰ, ਮੁਹੱਲੇ ਅਤੇ ਪਿੰਡਾ ਸ਼ਹਿਰਾਂ ਵਿੱਚ ਪਹੁੰਚਾਇਆ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋਕ ਦਿਲ ਦੀਆਂ ਬਿਮਾਰੀਆਂ ਪ੍ਰਤੀ ਸੁਚੇਤ ਹੋ ਸਕਣ।