ਖੂਈਖੇੜਾ ਬਲਾਕ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪਾਂ ਦਾ ਆਯੋਜਨ
ਮੁੱਖ ਉਦੇਸ਼: ਉਨ੍ਹਾਂ ਬੱਚਿਆਂ ਦਾ ਟੀਕਾਕਰਨ ਕਰਨਾ ਜੋ ਵੱਖ-ਵੱਖ ਕਾਰਨਾਂ ਕਰਕੇ ਨਿਯਮਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਸਨ – ਐਸ.ਐਮ.ਓ. ਡਾ. ਸੌਰਭ
ਉੱਚ-ਜੋਖਮ ਵਾਲੇ ਖੇਤਰਾਂ, ਝੁੱਗੀ-ਝੌਂਪੜੀਆਂ, ਪ੍ਰਵਾਸੀ ਆਬਾਦੀ ਵਾਲੇ ਇਲਾਕਿਆਂ, ਕੱਚੀਆਂ ਬਸਤੀਆਂ ਅਤੇ ਭੱਠਿਆਂ ਵਾਲੇ ਖੇਤਰਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ – ਬੀ.ਈ.ਈ. ਸੁਸ਼ੀਲ ਕੁਮਾਰ
ਫਾਜ਼ਿਲਕਾ, 29 ਸਤੰਬਰ(ਸੋਨੂੰ ਵਰਮਾ): ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਅਗਵਾਈ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਤੇ ਸੀ.ਐਚ.ਸੀ. ਖੂਈਖੇੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੌਰਭ ਫੁਟੇਲਾ ਦੀ ਨਿਗਰਾਨੀ ਹੇਠ, ਫਾਜ਼ਿਲਕਾ ਸਿਹਤ ਵਿਭਾਗ ਵੱਲੋਂ 28 ਸਤੰਬਰ ਤੋਂ 1 ਅਕਤੂਬਰ, 2026 ਤੱਕ 'ਵਿਸ਼ੇਸ਼ ਟੀਕਾਕਰਨ ਹਫ਼ਤਾ' ਮਨਾਇਆ ਜਾ ਰਿਹਾ ਹੈ।
ਇਸ ਹਫ਼ਤੇ ਬਾਰੇ ਜਾਣਕਾਰੀ ਦਿੰਦਿਆਂ ਡਾ. ਸੌਰਭ ਫੁਟੇਲਾ ਨੇ ਦੱਸਿਆ ਕਿ ਸਿਹਤ ਵਿਭਾਗ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਅਤੇ ਇੱਕ ਸਿਹਤਮੰਦ ਤੇ ਮਜ਼ਬੂਤ ਪੰਜਾਬ ਦੀ ਸਿਰਜਣਾ ਕਰਨ ਦੇ ਉਦੇਸ਼ ਨਾਲ ਨਿਯਮਤ ਟੀਕਾਕਰਨ ਮੁਹਿੰਮਾਂ ਚਲਾਉਂਦਾ ਹੈ। ਇਹ ਵਿਸ਼ੇਸ਼ ਟੀਕਾਕਰਨ ਹਫ਼ਤਾ ਉਨ੍ਹਾਂ ਬੱਚਿਆਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ ਆਯੋਜਿਤ ਕੀਤਾ ਗਿਆ ਹੈ ਜੋ ਨਿਯਮਤ ਮੁਹਿੰਮਾਂ ਦੌਰਾਨ ਟੀਕਾਕਰਨ ਤੋਂ ਰਹਿ ਗਏ ਸਨ। ਵੱਖ-ਵੱਖ ਕਾਰਨਾਂ ਕਰਕੇ ਨਿਯਮਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਪਛਾਣ ਕਰਕੇ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਸਬੰਧਤ ਖੇਤਰਾਂ ਦੇ ਆਧਾਰ 'ਤੇ ਇਸ ਹਫ਼ਤੇ ਲਈ ਵਿਸ਼ੇਸ਼ ਟੀਕਾਕਰਨ ਸੈਸ਼ਨ ਉਲੀਕੇ ਗਏ ਹਨ।
ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਪਿਛਲੇ ਟੀਕਾਕਰਨ ਦੌਰਾਨ ਰਹਿ ਗਏ ਖੇਤਰਾਂ, ਉੱਚ-ਜੋਖਮ ਵਾਲੇ ਖੇਤਰਾਂ, ਝੁੱਗੀ-ਝੌਂਪੜੀਆਂ, ਪ੍ਰਵਾਸੀ ਆਬਾਦੀ, ਕੱਚੀਆਂ ਬਸਤੀਆਂ, ਭੱਠਿਆਂ ਅਤੇ ਉਨ੍ਹਾਂ ਉਪ-ਕੇਂਦਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿੱਥੇ 2 ਜਾਂ 3 ਨਿਯਮਤ ਸੈਸ਼ਨ ਨਹੀਂ ਲੱਗ ਸਕੇ ਸਨ। ਦੂਰ-ਦੁਰਾਡੇ ਦੀ ਆਬਾਦੀ, ਬਿਮਾਰੀ ਦੇ ਪ੍ਰਕੋਪ ਵਾਲੇ ਖੇਤਰਾਂ ਅਤੇ ਹੋਰ ਔਖੀ ਪਹੁੰਚ ਵਾਲੀਆਂ ਥਾਵਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਹਫ਼ਤੇ ਦੌਰਾਨ ਆਪਣੇ ਪਰਿਵਾਰਾਂ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਕਰਵਾ ਕੇ ਇਸ ਮੁਹਿੰਮ ਦਾ ਪੂਰਾ ਲਾਭ ਉਠਾਉਣ।