
ਅਬੋਹਰ, 30 ਸਤੰਬਰ ( ) ਅਬੋਹਰ ਸਬ ਡਿਵੀਜ਼ਨ ਦੀਆਂ ਅਦਾਲਤਾਂ ਦੇ ਬਾਹਰ ਬੀਤੇ ਦਿਨੀਂ ਦਿਨ ਦਿਹਾੜੇ ਵਾਪਰੀ ਗੁੰਡਾਗਰਦੀ ਦੀ ਘਟਨਾ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਮੂਹ ਵਕੀਲਾਂ ਨੇ ਅੱਜ ਹੜਤਾਲ ਕਰਦਿਆਂ ਆਪਣਾ ਕੰਮਕਾਜ ਠੱਪ ਰੱਖਿਆ। ਹੜਤਾਲ ਦੀ ਸੂਚਨਾ ਮਿਲਣ ’ਤੇ ਮਾਨਯੋਗ ਸੈਸ਼ਨ ਜੱਜ ਫਾਜ਼ਿਲਕਾ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਐੱਸ.ਪੀ. ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਦੀ ਟੀਮ ਨੇ ਅਬੋਹਰ ਦੇ ਤਹਿਸੀਲ ਕੰਪਲੈਕਸ ਸਥਿਤ ਵਕੀਲਾਂ ਦੇ ਬਾਰ ਰੂਮ ਵਿਚ ਵਕੀਲਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਕੀਲਾਂ ਨੇ ਅਬੋਹਰ ਦੇ ਕੋਰਟ ਕੰਪਲੈਕਸ ਵਿਚ ਵਾਪਰੀ ਕਤਲ ਦੀ ਘਟਨਾ ਅਤੇ ਹਾਲ ਹੀ ਵਿਚ ਵਾਪਰੀਆਂ ਗੁੰਡਾਗਰਦੀ ਦੀਆਂ ਘਟਨਾਵਾਂ ’ਤੇ ਰੋਸ ਪ੍ਰਗਟ ਕਰਦਿਆਂ ਕਚਹਿਰੀ ਕੰਪਲੈਕਸ ਵਿਚ ਵਕੀਲਾਂ ਅਤੇ ਹੋਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਐੱਸ.ਪੀ. ਹੈੱਡਕੁਆਰਟਰ ਗੁਰਮੀਤ ਸਿੰਘ, ਥਾਣਾ ਸਿਟੀ 1 ਦੇ ਮੁਖੀ ਮਨਿੰਦਰ ਸਿੰਘ, ਨਵਦੀਪ ਸ਼ਰਮਾ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ। ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਅੰਮ੍ਰਿਤਪਾਲ ਸਿੰਘ ਤਿੰਨਾ, ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸੰਜੀਵ ਬਜਾਜ, ਅਰੁਣ ਮੁੰਜਾਲ ਸਮੇਤ ਹੋਰ ਵਕੀਲਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਹਾਈਕੋਰਟ ਵਿਚ ਦਾਇਰ ਰਿਟ ਪਟੀਸ਼ਨ ਦੇ ਹਵਾਲੇ ਨਾਲ ਕੋਰਟ ਕੰਪਲੈਕਸ ਵਿਚ ਪੁਖ਼ਤਾ ਸੁਰੱਖਿਆ ਪ੍ਰਬੰਧ ਕਰਨ ਅਤੇ ਆਰਜ਼ੀ ਤੌਰ ’ਤੇ ਪੁਲਿਸ ਚੌਕੀ ਸਥਾਪਿਤ ਕਰਨ ਦੀ ਮੰਗ ਵੀ ਰੱਖੀ। ਐੱਸ.ਪੀ. ਗੁਰਮੀਤ ਸਿੰਘ ਨੇ ਵਕੀਲਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਵਕੀਲਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਅਬੋਹਰ ਕੋਰਟ ਕੰਪਲੈਕਸ ਵਿਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚੈਕਿੰਗ ਲਈ 2 ਵਿਸ਼ੇਸ਼ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦੇ ਨਾਲ-ਨਾਲ ਆਧੁਨਿਕ ਹਥਿਆਰਾਂ ਨਾਲ ਲੈਸ ਚਾਰ ਪੁਲਿਸ ਮੁਲਾਜ਼ਮਾਂ ਵਾਲੀ ਇਕ ਈ.ਆਰ.ਵੀ ਗੱਡੀ ਅਦਾਲਤ ਕੰਪਲੈਕਸ ਦੀ ਪਾਰਕਿੰਗ ਨੇੜੇ ਹਰ ਸਮੇਂ ਪੈਟਰੋਲੰਿਗ ਕਰੇਗੀ। ਇਸ ਦੇ ਨਾਲ ਹੀ ਕੱਲ੍ਹ ਦੀ ਘਟਨਾ ਦੇ ਮਾਮਲੇ ਵਿਚ 14 ਲੋਕਾਂ ਅਤੇ ਹੋਰ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰਟ ਕੰਪਲੈਕਸ ਵਿਚ ਪੁਲਿਸ ਚੌਂਕੀ ਸਥਾਪਿਤ ਕਰਨ ਸਬੰਧੀ ਵੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਵਿਚਾਰ^ਵਟਾਂਦਰਾ ਕਰਕੇ ਜਲਦ ਲੋੜੀਂਦੇ ਕਦਮ ਚੁੱਕੇ ਜਾਣਗੇ। ਇਸ ਤੋਂ ਇਲਾਵਾ ਕੋਰਟ ਕੰਪਲੈਕਸ ਵਿਚ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਆਉਣ^ਜਾਣ ਵਾਲੇ ਰਸਤਿਆਂ ਸਬੰਧੀ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਪੁਲਿਸ ਅਧਿਕਾਰੀਆਂ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਸਹਿਮਤੀ ਪ੍ਰਗਟ ਕਰਦਿਆਂ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ। ਮੰਚ ਸੰਚਾਲਨ ਬਾਰ ਐਸੋਸੀਏਸ਼ਨ ਦੇ ਸਕੱਤਰ ਗੌਰਵ ਧੂੜੀਆ ਨੇ ਕੀਤਾ। ਇਸ ਮੌਕੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ, ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸਕੱਤਰ ਗੌਰਵ ਧੂੜੀਆ, ਜੁਆਇੰਟ ਸਕੱਤਰ ਨੇਹਾ ਸ਼੍ਰੀ, ਕੈਸ਼ੀਅਰ ਰਿਧਮ ਵਧਵਾ, ਸੰਦੀਪ ਬਜਾਜ, ਹਰਪ੍ਰੀਤ ਸਿੰਘ, ਗੁਰਜਿੰਦਰ ਸਿੰਘ ਕਾਲੜਾ, ਸਿਕੰਦਰ ਕਪੂਰ, ਅਮਿਤ ਅਸੀਜਾ ਬਾਵਾ, ਤੇਜਿੰਦਰ ਸਿੰਘ ਖ਼ਾਲਸਾ, ਮੁਕੇਸ਼ ਕੁਮਾਰ ਲੱਕੀ, ਸਰਵਣ ਕੁਮਾਰ, ਗੋਰੀ ਸ਼ੰਕਰ ਮਾਕੜ, ਦੇਵਾਨੰਦ ਸਚਦੇਵਾ, ਵਰਿੰਦਰ ਸਿੰਘ ਸੰਧੂ, ਜੈਸਮੀਨ ਬਿਸ਼ਨੋਈ, ਕਾਜਲ ਸਰੋਜ, ਪ੍ਰਿਅੰਕਾ, ਸਿਮਰਨ ਸੋਢੀ, ਅਨੰਦ ਗੁਪਤਾ, ਸੁਨੀਲ ਕੰਬੋਜ, ਅਮਨ ਵਧਵਾ, ਵਿਨੋਦ ਮਹਿਤਾ, ਆਦਰਸ਼ ਗੋਇਲ, ਸੁਨੀਲ ਕੜਵਾਸਰਾ, ਖਰਜੀਤ ਸਿੰਘ, ਮਹਾਂਵੀਰ ਗਿੱਲਾ, ਵਿਵੇਕ ਗੁਲਬੱਧਰ, ਪ੍ਰਭਜੋਤ ਸਿੰਘ ਕਾਲੜਾ, ਗੌਤਮ ਕਪੂਰ, ਦਵਿੰਦਰ ਸਿੰਘ ਸੰਧੂ, ਸੁਨੀਲ ਮਹਿਰਾ, ਸ਼ੀਤਲ ਬਜਾਜ, ਅਵਿਨਾਸ਼ ਮੁਟਨੇਜਾ, ਕੁਲਦੀਪ ਸਿੰਘ ਸਿੱਧੂ, ਅਮਿਤ ਘੁੜੇਲਾ ਸਮੇਤ ਭਾਰੀ ਗਿਣਤੀ ਵਿਚ ਵਕੀਲ ਹਾਜ਼ਰ ਸਨ।