ਪਿੰਡ ਤਸਿੰਬਲੀ 'ਚ ਵਾਲਮੀਕੀ ਭਾਈਚਾਰੇ ਨੇ ਫੜਿਆ ਆਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਦਾ ਪੱਲਾ
ਪਿੰਡ ਵਿੱਚ ਪੀਣ ਵਾਲੇ ਮਾੜੇ ਪਾਣੀ ਕਾਰਨ ਬੱਚੇ ਬਿਮਾਰੀਆਂ ਨਾਲ ਜੂਝਣ ਲਈ ਮਜਬੂਰ: ਜਸਵਿੰਦਰ ਸਿੰਘ ਮੋਹਾਲੀ
ਹਲਕਾ ਡੇਰਾਬੱਸੀ ਦੇ ਹਰ ਪਿੰਡ ਨੂੰ ਚੰਡੀਗੜ੍ਹ ਦੀ ਤਰਜ਼ 'ਤੇ ਕਜੌਲੀ ਵਾਟਰ ਵਰਕਸ ਦਾ ਪਾਣੀ ਦੇਣ ਦੀ ਮੰਗ
ਡੇਰਾਬੱਸੀ / ਤਸਿੰਬਲੀ (ਰਾਕੇਸ਼ ਗਾਂਧੀ)
ਪਿੰਡ ਤਸਿੰਬਲੀ ਵਿਖੇ ਵਾਲਮੀਕੀ ਭਾਈਚਾਰੇ ਵੱਲੋਂ ਵੱਡਾ ਸਿਆਸੀ ਫੈਸਲਾ ਲੈਂਦਿਆਂ ਆਜ਼ਾਦ ਸਮਾਜ ਪਾਰਟੀ (ਏ.ਐੱਸ.ਪੀ.) ਅਤੇ ਭੀਮ ਆਰਮੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਆਜ਼ਾਦ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਮੋਹਾਲੀ ਅਤੇ ਭੀਮ ਆਰਮੀ ਭਾਰਤ ਏਕਤਾ ਮਿਸ਼ਨ (ਹਲਕਾ ਡੇਰਾਬੱਸੀ) ਦੇ ਪ੍ਰਧਾਨ ਪਰਮੋਦ ਕੁਮਾਰ ਦੀ ਅਗਵਾਈ ਹੇਠ ਸ਼ਾਮਲ ਹੋਏ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਮੀਟਿੰਗ ਦੌਰਾਨ ਪਿੰਡ ਵਾਸੀਆਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਉਜਾਗਰ ਕਰਦਿਆਂ ਜਸਵਿੰਦਰ ਸਿੰਘ ਮੋਹਾਲੀ ਨੇ ਕਿਹਾ ਕਿ ਪਿੰਡ ਤਸਿੰਬਲੀ ਵਿੱਚ ਪੀਣ ਵਾਲੇ ਪਾਣੀ ਦੀ ਹਾਲਤ ਅਤਿਅੰਤ ਖਰਾਬ ਹੈ, ਜਿਸ ਕਾਰਨ ਛੋਟੇ-ਛੋਟੇ ਬੱਚੇ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਪਿੰਡ ਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਚੰਡੀਗੜ੍ਹ ਦੀ ਤਰਜ਼ 'ਤੇ ਕਜੌਲੀ ਵਾਟਰ ਵਰਕਸ ਦਾ ਪਾਣੀ ਹਲਕਾ ਡੇਰਾਬੱਸੀ ਅਤੇ ਇਸ ਦੇ ਹਰ ਇੱਕ ਪਿੰਡ ਨੂੰ ਮੁਹੱਈਆ ਕਰਵਾਇਆ ਜਾਵੇ। ਇਸ ਤੋਂ ਇਲਾਵਾ ਇਲਾਕੇ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਭਵਨ ਦਾ ਨਿਰਮਾਣ ਕਰਨ ਅਤੇ ਮੌਜੂਦਾ ਧਰਮਸ਼ਾਲਾ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਵੀ ਰੱਖੀ ਗਈ, ਜਿਸ ਦਾ ਪਾਰਟੀ ਆਗੂਆਂ ਨੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ (ਹਲਕਾ 112 ਡੇਰਾਬੱਸੀ) ਦੇ ਮੱਦੇਨਜ਼ਰ ਬੂਥ ਕਮੇਟੀਆਂ ਦੇ ਗਠਨ ਲਈ ਪਹਿਲੀ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਬੂਥ ਕਮੇਟੀ ਦਾ ਕੰਮ ਸਫਲਤਾਪੂਰਵਕ ਮੁਕੰਮਲ ਕੀਤਾ ਗਿਆ।
ਜਸਵਿੰਦਰ ਸਿੰਘ ਮੋਹਾਲੀ ਨੇ ਦੱਸਿਆ ਕਿ ਸੰਸਦ ਮੈਂਬਰ ਤੇ ਭੀਮ ਆਰਮੀ ਚੀਫ਼ ਭਾਈ ਚੰਦਰਸ਼ੇਖਰ ਆਜ਼ਾਦ, ਰਾਸ਼ਟਰੀ ਪ੍ਰਧਾਨ ਵਿਨੈ ਰਤਨ ਸਿੰਘ, ਸੂਬਾ ਪ੍ਰਧਾਨ ਅੰਮ੍ਰਿਤ ਸਿੰਘ ਭਾਰਤੀ, ਪਟਿਆਲਾ ਇੰਚਾਰਜ ਸ੍ਰੀ ਤਿਲਕ ਰਾਜ ਜੀ ਅਤੇ ਮੋਹਾਲੀ/ਚੰਡੀਗੜ੍ਹ ਪ੍ਰਭਾਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਗਤੀਵਿਧੀਆਂ ਨੂੰ ਹਲਕੇ ਅੰਦਰ ਇੱਕ ਜਨ-ਆੰਦੋਲਨ ਦਾ ਰੂਪ ਦਿੱਤਾ ਜਾਵੇਗਾ।
ਉਹਨਾਂ ਸਪੱਸ਼ਟ ਕੀਤਾ ਕਿ ਵੋਟਰਾਂ ਨਾਲ ਕੋਈ ਗੁਮਰਾਹਕੁੰਨ ਵਾਅਦਾ ਨਹੀਂ ਕੀਤਾ ਜਾਵੇਗਾ, ਸਗੋਂ ਲੋਕਾਂ ਦੇ ਸੰਵਿਧਾਨਕ ਹੱਕ, ਜ਼ਮੀਨੀ ਹੱਕ, ਕੱਚੇ ਮਕਾਨਾਂ ਲਈ ਗ੍ਰਾਂਟਾਂ ਅਤੇ ਹੋਰ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣ ਲਈ ਆਜ਼ਾਦ ਸਮਾਜ ਪਾਰਟੀ ਵੱਡੇ ਪੱਧਰ 'ਤੇ ਸੰਘਰਸ਼ ਵਿੱਢੇਗੀ।
ਇਸ ਮੌਕੇ ਹਲਕਾ ਲੀਡਰਸ਼ਿਪ ਵਿੱਚੋਂ ਮੁੱਖ ਸਲਾਹਕਾਰ ਐਡਵੋਕੇਟ ਯੁਗੇਸ਼ ਕੁਮਾਰ, ਪ੍ਰਮੋਦ ਕੁਮਾਰ ਹਲਕਾ ਪ੍ਰਧਾਨ ਭੀਮ ਆਰਮੀ ਭਾਰਤ ਏਕਤਾ ਮਿਸ਼ਨ, ਸੈਕਟਰੀ ਪ੍ਰਵੀਨ ਕੁਮਾਰ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਸੋਨੂੰ, ਬਲਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ ਵਿੱਕੀ ਅਤੇ ਧਰਮਵੀਰ ਸਿੰਘ ਜੋਨੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਸਥਾਨਕ ਨਿਵਾਸੀ ਹਾਜ਼ਰ ਸਨ।