ਡਿਊਟੀ ਤੋਂ ਘਰ ਪਰਤ ਰਹੇ ਪੁਲਿਸ ਮੁਲਾਜ਼ਮ ਦੀ ਦਰਦਨਾਕ ਹਾਦਸੇ ਵਿੱਚ ਮੌਤ
ਮਾਹਿਲਪੁਰ-ਫਗਵਾੜਾ ਸੜਕ ’ਤੇ ਭਾਰਟਾ ਗਣੇਸ਼ਪੁਰ ਨੇੜੇ ਵਾਪਰਿਆ ਭਿਆਨਕ ਹਾਦਸਾ
ਮਾਹਿਲਪੁਰ ਤੋਂ ਫਗਵਾੜਾ ਨੂੰ ਜਾਣ ਵਾਲੀ ਸੜਕ ’ਤੇ ਪਿੰਡ ਭਾਰਟਾ ਗਣੇਸ਼ਪੁਰ ਨੇੜੇ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿੱਚ ਕਾਰ ਚਾਲਕ ਮਨਦੀਪ ਸਿੰਘ (29) ਪੁੱਤਰ ਜਸਵਿੰਦਰ ਸਿੰਘ, ਵਾਸੀ ਠੁਆਣਾ, ਦੀ ਮੌਤ ਹੋ ਗਈ।
ਮ੍ਰਿਤਕ ਮਨਦੀਪ ਸਿੰਘ ਪੁਲਿਸ ਮੁਲਾਜ਼ਮ ਸਨ ਅਤੇ ਪੁਲਿਸ ਅਕੈਡਮੀ ਜਹਾਨਖੇਲਾਂ, ਹੁਸ਼ਿਆਰਪੁਰ ਵਿਖੇ ਤਾਇਨਾਤ ਸਨ। ਜਾਣਕਾਰੀ ਅਨੁਸਾਰ ਉਹ ਰਾਤ ਕਰੀਬ 12:40 ਵਜੇ ਡਿਊਟੀ ਖਤਮ ਕਰਕੇ ਆਪਣੀ ਕਾਰ (PB-07-BZ-8804) ਰਾਹੀਂ ਪਿੰਡ ਠੁਆਣਾ ਵਾਪਸ ਜਾ ਰਹੇ ਸਨ।
ਜਦੋਂ ਉਹ ਭਾਰਟਾ ਗਣੇਸ਼ਪੁਰ ਨੇੜੇ ਪਹੁੰਚੇ ਤਾਂ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਦਰੱਖਤ ਨਾਲ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ ਮਨਦੀਪ ਸਿੰਘ ਦੀ ਜਾਨ ਚਲੀ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਾਹਿਲਪੁਰ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।